ਕੀਵ, ਯੂਕਰੇਨ, 3 ਸਤੰਬਰ (ਕੁਲਵੰਤ ਸਿੰਘ ਖੈਰਾਬਾਦੀ): ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ 2 ਸਤੰਬਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਲਗਾਤਾਰ ਸੱਤਵੇਂ ਦਿਨ ਰੂਸੀ ਡਰੋਨ ਹਮਲੇ ਕੀਤੇ ਗਏ। ਤਾਜ਼ਾ ਹਮਲਿਆਂ ਕਾਰਨ ਰਿਹਾਇਸ਼ੀ ਇਲਾਕਿਆਂ ਸਮੇਤ ਕਈ ਥਾਵਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ।
ਹਮਲਿਆਂ ਦੌਰਾਨ ਕੀਵ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਪ੍ਰਭਾਵਿਤ ਹੋਈਆਂ ਅਤੇ ਇੱਕ ਯੂਨੀਵਰਸਿਟੀ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਹਨ। ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਅਤੇ ਸ਼ੈਲਟਰਾਂ ਵਿੱਚ ਜਾਣਾ ਪਿਆ।
ਓਦੇਸਾ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ
ਦੂਜੇ ਪਾਸੇ ਓਦੇਸਾ ਖੇਤਰ ਵਿੱਚ ਊਰਜਾ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਕਾਰਨ 3.5 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਯੂਕਰੇਨੀ ਅਧਿਕਾਰੀਆਂ ਮੁਤਾਬਕ ਬਿਜਲੀ ਪ੍ਰਣਾਲੀ ਨੂੰ ਮੁੜ ਚਾਲੂ ਕਰਨ ਲਈ ਮੁਰੰਮਤ ਦਾ ਕੰਮ ਜਾਰੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਤਾਜ਼ਾ ਹਮਲਿਆਂ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ ਉੱਤੇ ਹੋਰ ਦਬਾਅ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਦੌਰਾਨ ਯੂਕਰੇਨ ਦੇ ਬਿਜਲੀ ਅਤੇ ਊਰਜਾ ਢਾਂਚੇ ਨੂੰ ਹੋਰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਲੰਮੇ ਸਮੇਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਵਿੱਚ ਡਰੋਨ ਅਤੇ ਮਿਜ਼ਾਈਲ ਹਮਲੇ ਲਗਾਤਾਰ ਜਾਰੀ ਰਹਿਣ ਕਾਰਨ ਆਮ ਨਾਗਰਿਕਾਂ ਲਈ ਹਾਲਾਤ ਹੋਰ ਮੁਸ਼ਕਲ ਬਣਦੇ ਜਾ ਰਹੇ ਹਨ।



